Cantico dei Cantici 4

Tu sei tutta bella

1ਵੇਖ, ਹੇ ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈ! ਵੇਖ, ਤੂੰ ਰੂਪਵੰਤ ਹੈ, ਤੇਰੀਆਂ ਅੱਖਾਂ ਤੇਰੇ ਘੁੰਡ ਦੇ ਹੇਠ ਕਬੂਤਰੀ ਵਰਗੀਆਂ ਹਨ, ਤੇਰੇ ਵਾਲ਼ ਉਨ੍ਹਾਂ ਬੱਕਰੀਆਂ ਦੇ ਝੁੰਡ ਵਾਂਗੂੰ ਹਨ, ਜਿਹੜੀਆਂ ਗਿਲਆਦ ਪਰਬਤ ਦੇ ਹੇਠਾਂ ਬੈਠੀਆਂ ਹਨ। 2ਤੇਰੇ ਦੰਦ ਮੁੰਨੀਆਂ ਹੋਇਆ ਭੇਡਾਂ ਦੇ ਇੱਜੜ ਵਾਂਗੂੰ ਹਨ, ਜਿਹੜੀਆਂ ਨਹਾ ਕੇ ਉਤਾਹਾਂ ਆਈਆਂ ਹਨ, ਜਿਹੜੀਆਂ ਸਾਰੀਆਂ ਜੋੜਿਆਂ ਨੂੰ ਜੰਮਦੀਆਂ ਹਨ, ਉਨ੍ਹਾਂ ਵਿੱਚੋਂ ਕੋਈ ਇਕੱਲੀ ਨਹੀਂ। 3ਤੇਰੇ ਬੁੱਲ ਲਾਲ ਡੋਰੀ ਵਰਗੇ ਹਨ, ਤੇਰਾ ਮੂੰਹ ਸੋਹਣਾ ਹੈ, ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜਿਆਂ ਵਾਂਗੂੰ ਹਨ। 4ਤੇਰੀ ਗਰਦਨ ਦਾਊਦ ਦੇ ਬੁਰਜ ਵਾਂਗੂੰ ਹੈ, ਜਿਹੜਾ ਸ਼ਸਤਰ-ਖ਼ਾਨੇ ਲਈ ਬਣਾਇਆ ਗਿਆ ਹੈ, ਜਿਸ ਦੇ ਉੱਤੇ ਹਜ਼ਾਰ ਢਾਲਾਂ ਲਟਕਾਈਆਂ ਹੋਈਆਂ ਹਨ, ਉਹ ਸਾਰੀਆਂ ਸੂਰਮਿਆਂ ਦੀਆਂ ਢਾਲਾਂ ਹਨ। 5ਤੇਰੀਆਂ ਦੋਵੇਂ ਛਾਤੀਆਂ ਹਿਰਨੀਆਂ ਦੇ ਜੁੜਵਾਂ ਬੱਚਿਆਂ ਵਾਂਗੂੰ ਹਨ, ਜਿਹੜੇ ਸੋਸਨਾਂ ਦੇ ਵਿੱਚ ਚੁਗਦੇ ਹਨ। 6ਜਦ ਤੱਕ ਦਿਨ ਢੱਲ਼ ਨਾ ਜਾਵੇ ਅਤੇ ਪਰਛਾਵੇਂ ਮਿਟ ਨਾ ਜਾਣ, ਮੈਂ ਗੰਧਰਸ ਦੇ ਪਰਬਤ ਅਤੇ ਲੁਬਾਨ ਦੇ ਟਿੱਲੇ ਉੱਤੇ ਚਲਾ ਜਾਂਵਾਂਗਾ। 7ਹੇ ਮੇਰੀ ਪ੍ਰੀਤਮਾ, ਤੂੰ ਸਾਰੀ ਦੀ ਸਾਰੀ ਰੂਪਵੰਤ ਹੈਂ, ਤੇਰੇ ਵਿੱਚ ਕੋਈ ਦੋਸ਼ ਨਹੀਂ। 8ਹੇ ਮੇਰੀ ਵਹੁਟੀਏ, ਤੂੰ ਲਬਾਨੋਨ ਤੋਂ ਮੇਰੇ ਸੰਗ ਆ, ਲਬਾਨੋਨ ਤੋਂ ਮੇਰੇ ਸੰਗ ਆ, ਤੂੰ ਅਮਾਨਾਹ ਦੀ ਚੋਟੀ ਤੋਂ, ਸਨੀਰ ਤੇ ਹਰਮੋਨ ਦੀ ਚੋਟੀ ਤੋਂ, ਸ਼ੇਰਾਂ ਦੇ ਘੁਰਨਿਆਂ ਤੋਂ, ਚੀਤਿਆਂ ਦੇ ਪਹਾੜਾਂ ਤੋਂ ਚੱਲੀ ਆ।

9ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਤੂੰ ਮੇਰਾ ਮਨ ਲੁੱਟ ਲਿਆ ਹੈ, ਤੂੰ ਆਪਣੀ ਇੱਕ ਨਜ਼ਰ ਨਾਲ ਮੇਰਾ ਮਨ ਲੁੱਟ ਲਿਆ ਹੈ, ਆਪਣੀ ਗਰਦਨ ਦੀ ਮਾਲਾ ਦੇ ਇੱਕ ਮੋਤੀ ਨਾਲ! 10ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਤੇਰਾ ਪ੍ਰੇਮ ਕਿੰਨ੍ਹਾਂ ਸੋਹਣਾ ਹੈ, ਤੇਰਾ ਪ੍ਰੇਮ ਮਧ ਨਾਲੋਂ, ਅਤੇ ਤੇਰੇ ਅਤਰ ਦੀ ਸੁਗੰਧ ਸਾਰਿਆਂ ਮਸਾਲਿਆਂ ਨਾਲੋਂ ਕਿੰਨੀ ਚੰਗੀ ਹੈ! 11ਹੇ ਮੇਰੀ ਵਹੁਟੀਏ, ਤੇਰੇ ਬੁੱਲ੍ਹਾਂ ਤੋਂ ਸ਼ਹਿਦ ਚੋ ਰਿਹਾ ਹੈ, ਤੇਰੀ ਜੀਭ ਦੇ ਹੇਠ ਸ਼ਹਿਦ ਅਤੇ ਦੁੱਧ ਹੈ, ਤੇਰੀ ਪੁਸ਼ਾਕ ਦੀ ਸੁਗੰਧ ਲਬਾਨੋਨ ਦੀ ਸੁਗੰਧ ਵਾਂਗੂੰ ਹੈ। 12ਮੇਰੀ ਪਿਆਰੀ, ਮੇਰੀ ਵਹੁਟੀ ਇੱਕ ਬੰਦ ਕੀਤੇ ਹੋਏ ਬਗੀਚੇ ਵਰਗੀ ਹੈ, ਇੱਕ ਬੰਦ ਕੀਤਾ ਹੋਇਆ ਸੋਤਾ ਅਤੇ ਮੋਹਰ ਲਾਇਆ ਹੋਇਆ ਚਸ਼ਮਾ ਹੈ। 13ਤੇਰੀਆਂ ਟਹਿਣੀਆਂ ਉੱਤਮ ਫਲਾਂ ਨਾਲ ਭਰੇ ਅਨਾਰ ਦਾ ਬਾਗ਼ ਹਨ, ਜਿੱਥੇ ਮਹਿੰਦੀ ਤੇ ਜਟਾ-ਮਾਸੀ, 14ਜਟਾ-ਮਾਸੀ ਅਤੇ ਕੇਸਰ, ਬੇਦ-ਮੁਸ਼ਕ ਅਤੇ ਦਾਲਚੀਨੀ, ਲੁਬਾਨ ਦੇ ਸਾਰੇ ਰੁੱਖ, ਗੰਧਰਸ ਤੇ ਕੇਉੜਾ ਸਭ ਉੱਤਮ ਮਸਾਲੇ ਹੁੰਦੇ ਹਨ। 15ਤੂੰ ਬਾਗ਼ਾਂ ਦਾ ਇੱਕ ਸੋਤਾ, ਅੰਮ੍ਰਿਤ ਜਲ ਦਾ ਇੱਕ ਖੂਹ ਅਤੇ ਲਬਾਨੋਨ ਤੋਂ ਵਗਦੀ ਹੋਈ ਨਦੀ ਹੈਂ। 16ਹੇ ਉੱਤਰ ਦੀਏ ਪੌਣੇ, ਜਾਗ! ਹੇ ਦੱਖਣ ਦੀਏ ਪੌਣੇ, ਆ, ਮੇਰੇ ਬਾਗ਼ ਉੱਤੇ ਵਗ ਕਿ ਇਸ ਦੀ ਖੁਸ਼ਬੂ ਫੈਲੇ। ਮੇਰਾ ਬਾਲਮ ਆਪਣੇ ਬਾਗ਼ ਵਿੱਚ ਆਵੇ ਅਤੇ ਆਪਣੇ ਮਿੱਠੇ ਫਲ ਖਾਵੇ।

Copiato!
Aa